ਬੇਤਾਲ ਪੱਚੀਸੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬੇਤਾਲ ਪੱਚੀਸੀ: ਸੰਸਕ੍ਰਿਤ ਭਾਸ਼ਾ ਦਾ ਇੱਕ ਪ੍ਰਸਿੱਧ ਲੋਕ-ਕਥਾ ਸੰਗ੍ਰਹਿ ਬੇਤਾਲ ਪੱਚੀਸੀ ਹੈ। ਬੇਤਾਲ ਪੱਚੀਸੀ ਦੋ ਸ਼ਬਦਾਂ ‘ਬੇਤਾਲ` ਅਤੇ ‘ਪੱਚੀਸੀ` ਦਾ ਸੁਮੇਲ ਹੈ। ‘ਬੇਤਾਲ’ ਦੇ ਕੋਸ਼ੀ ਅਰਥ ਹਨ ‘ਭੂਤਾਂ ਦਾ ਪ੍ਰਧਾਨ’। ਦੂਜੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਬੇਤਾਲ ਇੱਕ ਭੂਤ ਹੈ। ਇਸ ਬਾਰੇ ਲੋਕ ਮੱਤ ਇਹ ਹੈ ਕਿ ਸ਼ਮਸ਼ਾਨ ਘਾਟ ਵਿੱਚ, ਜਿਸ ਥਾਂ ਤੇ ਮੁਰਦਾ ਦਬਾਇਆ ਜਾਂਦਾ ਹੈ, ਇਹ ਉੱਥੇ ਬਿਨਾ ਕਿਸੇ ਆਹਟ ਦੇ ਆਉਂਦਾ ਹੈ ਅਤੇ ਮੁਰਦਾ ਸਰੀਰ ਵਿੱਚ ਆ ਕੇ ਪ੍ਰਵੇਸ਼ ਕਰ ਜਾਂਦਾ ਹੈ। ਫਿਰ ਆਮ ਲੋਕਾਂ ਵਾਂਗ ਹੀ ਵਿਚਰਦਾ ਰਹਿੰਦਾ ਹੈ। ਆਪਣੇ ਸ਼ੌਕ ਅਤੇ ਲਾਲਸਾਵਾਂ ਦੀ ਪੂਰਤੀ ਕਰਦਾ ਹੈ। ਬੇਤਾਲ ਦੀ ਖ਼ਾਸੀਅਤ ਇਹ ਹੈ ਕਿ ਇਹ ਆਮ ਮਨੁੱਖਾਂ ਵਾਂਗ ਹੀ ਧਰਤੀ ਉਪਰ ਵਿਚਰਦਾ ਹੈ ਪਰ ਇਹ ਕਿਸੇ ਨੂੰ ਕੋਈ ਸਰੀਰਕ ਨੁਕਸਾਨ ਨਹੀਂ ਪਹੁੰਚਾਉਂਦਾ।

     ‘ਪੱਚੀਸੀ’, ਪੱਚੀ (25) ਦਾ ਅੰਕ ਸੂਚਕ ਸ਼ਬਦ ਹੈ। ਜਿਵੇਂ ਸੰਸਕ੍ਰਿਤ ਭਾਸ਼ਾ ਵਿੱਚ ਰਚੇ ਗਏ ਇਤਿਹਾਸਿਕ ਮਿਥਿਹਾਸਿਕ ਕਹਾਣੀਆਂ ਦੇ ਇੱਕ ਹੋਰ ਪ੍ਰਸਿੱਧ ਸੰਗ੍ਰਹਿ ਸਿੰਘਾਸਨ ਬਤੀਸੀ ਵਿੱਚ ਬੱਤੀ ਪੁਤਲੀਆਂ ਉਜੈਨ ਨਗਰ ਦੇ ਰਾਜੇ ਭੋਜ ਨੂੰ ਇੱਕ-ਇੱਕ ਕਰ ਕੇ ਰਾਜੇ ਵਿਕ੍ਰਮਾਦਿੱਤ ਦੇ ਲੋਕ-ਭਲਾਈ ਕਾਰਜਾਂ, ਉਪਕਾਰ ਅਤੇ ਦਾਨਵੀਰਤਾ ਦੀਆਂ ਕਹਾਣੀਆਂ ਸੁਣਾਉਂਦੀਆਂ ਹਨ, ਉਸੇ ਤਰ੍ਹਾਂ ਹੀ ਇਸ ਗ੍ਰੰਥ ਵਿੱਚ ਵੀ ਬੇਤਾਲ ਦੀਆਂ 25 ਪ੍ਰੇਤ- ਕਹਾਣੀਆਂ ਸ਼ਾਮਲ ਹਨ। ਇਹ ਉਹ ਕਹਾਣੀਆਂ ਹਨ ਜੋ ਬੇਤਾਲ ਅਤੇ ਰਾਜਾ ਵਿਕ੍ਰਮਾਦਿੱਤ ਦਰਮਿਆਨ ਕਿਸੇ ਘਟਨਾ ਨੂੰ ਆਧਾਰ ਬਣਾ ਕੇ ਵਾਪਰਦੀਆਂ ਹਨ। ਰਾਜੇ ਵਿਕ੍ਰਮਾਦਿੱਤ ਬਾਰੇ ਪ੍ਰਸਿੱਧ ਹੈ ਕਿ ਉਸ ਦੇ ਰਾਜ ਵਿੱਚ ਸਭ ਨੂੰ ਬਰਾਬਰ ਆਦਰ ਮਾਣ ਦਿੱਤਾ ਜਾਂਦਾ ਸੀ। ਉਹ ਦਾ ਰਾਜ ਖ਼ੁਸ਼ਹਾਲ ਸੀ। ਇਹ ਵੀ ਖ਼ਿਆਲ ਕੀਤਾ ਜਾਂਦਾ ਹੈ ਕਿ ਉਸ ਦਾ ਰਾਜ-ਭਾਗ ਅਤੇ ਸਭਾ ਵੇਖ ਕੇ ਰਾਜਾ ਇੰਦਰ ਉਸ ਨਾਲ ਸਾੜਾ ਕਰਦਾ ਸੀ।

     ਸਮਝਿਆ ਜਾਂਦਾ ਹੈ ਕਿ ਜਦੋਂ ਰਾਜਾ ਵਿਕ੍ਰਮਾਦਿੱਤ ਕਿਸੇ ਯੋਗੀ ਵਲੋਂ ਉਕਸਾਉਣ ਤੇ ਇੱਕ ਰੁੱਖ ਤੇ ਰੱਖੀ ਰਾਜਾ ਚੰਦਰਕੇਤੂ ਦੀ ਲਾਸ਼ ਲੈਣ ਵਾਸਤੇ ਗਿਆ ਸੀ ਤਾਂ ਉਸੇ ਰੁੱਖ ਤੇ ਹੀ ਰਾਜਾ ਵਿਕ੍ਰਮਾਦਿੱਤ ਦਾ ਬੇਤਾਲ ਨਾਲ ਮੇਲ ਹੋਇਆ ਸੀ। ਬੇਤਾਲ ਵਲੋਂ ਰਾਜੇ ਚੰਦਰਕੇਤੂ ਦੀ ਲਾਸ਼ ਲਿਜਾਣ ਤੋਂ ਪਹਿਲਾਂ ਰਾਜਾ ਵਿਕ੍ਰਮਾਦਿੱਤ ਨੂੰ ਆਪਣੇ 25 ਪ੍ਰਸ਼ਨਾਂ ਦਾ ਉੱਤਰ ਦੇਣ ਲਈ ਕਿਹਾ ਗਿਆ ਸੀ। ਵਿਕ੍ਰਮਾਦਿੱਤ ਵੱਲੋਂ ਬੇਤਾਲ ਦੇ ਹਰ ਇੱਕ ਪ੍ਰਸ਼ਨ ਦਾ ਦਲੀਲ ਅਤੇ ਨਿਡਰਤਾ ਨਾਲ ਉੱਤਰ ਦੇਣ ਪਿੱਛੋਂ ਬੇਤਾਲ ਉਸ ਤੇ ਬੜਾ ਪ੍ਰਸੰਨ ਹੋਇਆ। ਬੇਤਾਲ ਨੇ ਵਿਕ੍ਰਮਾਦਿੱਤ ਨੂੰ ਖ਼ੁਸ਼ ਹੋ ਕੇ ਕਿਹਾ, ‘ਹੇ ਰਾਜਨ! ਜਦੋਂ ਵੀ ਕਦੇ ਤੁਹਾਨੂੰ ਕਿਸੇ ਸੰਕਟ ਦਾ ਸਾਮ੍ਹਣਾ ਕਰਨਾ ਪਿਆ, ਮੈਨੂੰ ਯਾਦ ਕਰਨਾ। ਮੈਂ ਝਟਪਟ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਜਾਵਾਂਗਾ।’ ਕਹਿੰਦੇ ਹਨ ਵਿਕ੍ਰਮਾਦਿੱਤ ਨੇ ਇਸ ਬੇਤਾਲ ਦੀ ਮਦਦ ਨਾਲ ਕਈ ਮੁਸ਼ਕਲਾਂ ਨੂੰ ਹੱਲ ਕੀਤਾ ਅਤੇ ਲੋਕ ਹਿਤੂ ਕੰਮ ਕੀਤੇ। ਬੇਤਾਲ ਅਤੇ ਵਿਕ੍ਰਮਾਦਿੱਤ ਦੇ ਇਹ ਪੱਚੀ ਪ੍ਰਸ਼ਨ-ਉੱਤਰ ਕਹਾਣੀਆਂ ਦਾ ਰੂਪ ਧਾਰਨ ਕਰ ਗਏ।

     ਬੇਤਾਲ ਪੱਚੀਸੀ ਦੀਆਂ ਕਹਾਣੀਆਂ ਵਿੱਚੋਂ ਰਾਜੇ ਵਿਕ੍ਰਮਾਦਿੱਤ ਦੀ ਵਿਹਾਰਿਕ ਬੁੱਧੀ ਅਤੇ ਹਾਜ਼ਰ ਦਿਮਾਗ਼ੀ ਪ੍ਰਗਟ ਹੁੰਦੀ ਹੈ। ਇਹ ਕਹਾਣੀਆਂ ਪ੍ਰਸ਼ਨਮਈ ਰੂਪ ਵਿੱਚ ਤੁਰਦੀਆਂ ਹਨ। ਹਰ ਕਹਾਣੀ ਦੇ ਅਰੰਭ ਵਿੱਚ ਬੇਤਾਲ ਵਿਕ੍ਰਮਾਦਿੱਤ ਕੋਲੋਂ ਕੋਈ ਔਖਾ ਅਤੇ ਗੁੰਝਲਦਾਰ ਸੁਆਲ ਪੁੱਛਦਾ ਹੈ। ਬੇਤਾਲ ਚਾਹੁੰਦਾ ਹੈ ਕਿ ਉਹ ਉਸ ਨੂੰ ਉਲਝਾ ਲਵੇ ਅਤੇ ਉਸ ਨੂੰ ਢੁੱਕਵੀਂ ਸਜ਼ਾ ਦੇਵੇ ਪਰ ਉਹ ਕਿਸੇ ਵੀ ਸੁਆਲ ਵਿੱਚ ਬੇਤਾਲ ਤੋਂ ਨਹੀਂ ਹਾਰਦਾ। ਇਹ ਕਹਾਣੀਆਂ ਭਾਰਤ ਦੀ ਪ੍ਰਾਚੀਨ ਦੈਵਿਕ ਪਰੰਪਰਾ, ਤਲਿੱਸਮ (ਜਾਦੂਮਈ ਕਾਰਨਾਮਿਆਂ) ਅਤੇ ਮਿਥਿਹਾਸ ਨਾਲ ਸੰਬੰਧਿਤ ਹਨ। ਰਾਜਿਆਂ-ਮਹਾਰਾਜਿਆਂ, ਦੇਵੀ- ਦੈਂਤਾਂ, ਜੰਗਲੀ ਜਨੌਰਾਂ ਅਤੇ ਹੋਰ ਕਈ ਕਿਸਮ ਦੇ ਪਰਾਸਰੀਰਕ ਪਾਤਰ ਇਹਨਾਂ ਕਹਾਣੀਆਂ ਵਿੱਚ ਕਾਰਜ ਕਰਦੇ ਦਿਖਾਈ ਦਿੰਦੇ ਹਨ। ਇਹਨਾਂ ਕਹਾਣੀਆਂ ਬਾਰੇ ਇਹ ਵੀ ਖ਼ਿਆਲ ਕੀਤਾ ਜਾਂਦਾ ਹੈ ਕਿ ਇਹ ਕਲਪ- ਨਾਤਮਿਕ ਹਨ ਅਤੇ ਰਾਜੇ ਵਿਕ੍ਰਮਾਦਿੱਤ ਦੀ ਨੇਕਨੀਤੀ, ਜੱਸ, ਸੂਰਬੀਰਤਾ, ਦਾਨਵੀਰਤਾ ਅਤੇ ਪਰਉਪਕਾਰੀ ਭਾਵਨਾ ਨੂੰ ਦੂਰ-ਦੂਰ ਤੱਕ ਫੈਲਾਉਣ ਦੇ ਮੰਤਵ ਲਈ ਲਿਖੀਆਂ ਗਈਆਂ ਹਨ। ਦੂਜੇ ਪਾਸੇ ਇਹ ਕਹਾਣੀਆਂ ਮਨੁੱਖ ਨੂੰ ਨੈਤਿਕ ਕਦਰਾਂ ਦਾ ਪਾਠ ਵੀ ਸਿਖਾਉਂਦੀਆਂ ਹਨ।

     ਬੇਤਾਲ ਪੱਚੀਸੀ ਗ੍ਰੰਥ ਦਾ ਰਚਣਹਾਰਾ ਕੌਣ ਸੀ ਅਤੇ ਇਹ ਕਦੋਂ ਹੋਂਦ ਵਿੱਚ ਆਇਆ ਸੀ? ਇਸ ਬਾਰੇ ਕੋਈ ਠੋਸ ਦਲੀਲ ਤਾਂ ਨਹੀਂ ਹੈ ਪਰੰਤੂ ਫਿਰ ਵੀ ਸੰਸਕ੍ਰਿਤ ਦੇ ਸਾਹਿਤ ਅਚਾਰੀਆਂ ਅਨੁਸਾਰ ਇਸ ਗ੍ਰੰਥ ਦੀ ਰਚਨਾ ਜੰਭਲਦੱਤ ਨੇ ਗੱਦ ਰੂਪ ਵਿੱਚ ਕੀਤੀ ਸੀ। ਸੰਸਕ੍ਰਿਤ ਦੇ ਹੀ ਦੋ ਵੱਡੇ ਵਿਦਵਾਨਾਂ, ਕਸ਼ੇਮੇਂਦ੍ਰ ਨੇ ਆਪਣੇ ਵੱਡਮੁੱਲੇ ਗ੍ਰੰਥ ਬ੍ਰਿਹਤ ਕਥਾ ਮੰਜਰੀ ਵਿੱਚ ਅਤੇ ਸੋਮਦੇਵ ਨੇ ਕਥਾ ਸਰਿਤ ਸਾਗਰ ਵਿੱਚ ਇਹਨਾਂ ਕਹਾਣੀਆਂ ਦੀ ਚੋਖੀ ਚਰਚਾ ਕੀਤੀ ਹੈ। ਇਸੇ ਪ੍ਰਸੰਗ ਵਿੱਚ ਹੀ ਸੰਸਕ੍ਰਿਤ ਦੇ ਇੱਕ ਹੋਰ ਵਿਦਵਾਨ ਭੱਟ ਰਚਿਤ ਗ੍ਰੰਥ ਬੇਤਾਲ ਬੀਸੀ ਵੀ ਮਿਲਦਾ ਹੈ ਜਿਸ ਵਿੱਚ ਕੇਵਲ ਵੀਹ ਕਹਾਣੀਆਂ ਹੀ ਅੰਕਿਤ ਹਨ। ਸੰਸਕ੍ਰਿਤ ਵਿੱਚ ਗੱਦ ਅਤੇ ਪਦ ਦੋਵਾਂ ਵਿੱਚ ਹੀ ਇਸ ਦੀ ਰਚਨਾ ਹੋਈ ਮਿਲਦੀ ਹੈ। ਅਨੁਮਾਨ ਹੈ ਕਿ ਇਹ ਗ੍ਰੰਥ ਬਾਰ੍ਹਵੀਂ ਸ਼ਤਾਬਦੀ ਵਿੱਚ ਲਿਖਿਆ ਗਿਆ ਸੀ। ਸਤਾਰ੍ਹਵੀਂ ਸ਼ਤਾਬਦੀ ਵਿੱਚ ਲੱਲੂਨਾਥ ਨੇ ਇਸ ਨੂੰ ਆਪਣੇ ਨਾਂ ਹੇਠ ਲਿਖਿਆ। ਰਾਜਾ ਸ਼ਿਵ ਪ੍ਰਸ਼ਾਦ ‘ਸਿਤਾਰੇ ਹਿੰਦ’ ਅਤੇ ਦੇਵੀ ਦੱਤ ਨੇ ਵੀ ਇਸ ਗ੍ਰੰਥ ਦੇ ਭਾਰਤੀ ਜ਼ਬਾਨਾਂ ਵਿੱਚ ਅਨੁਵਾਦ ਕੀਤੇ। ਹਿੰਦੀ ਦੇ ਪ੍ਰਸਿੱਧ ਵਿਦਵਾਨ ਹਰਿ ਨਾਰਾਇਣ ਨੇ ਇਸ ਗ੍ਰੰਥ ਨੂੰ ਗੱਦ ਅਤੇ ਪਦ ਵਿੱਚ ਅਨੁਵਾਦ ਕੀਤਾ ਅਤੇ ਚੌਪਈ, ਸਵੱਈਏ, ਕਬਿੱਤ ਅਤੇ ਦੋਹੇ ਵਰਗੇ ਛੰਦਾਂ ਨਾਲ ਦਿਲਚਸਪ ਬਣਾ ਦਿੱਤਾ। 1847 ਵਿੱਚ ਫੋਰਟ ਵਿਲੀਅਮ ਕਾਲਜ ਕਲਕੱਤਾ ਦੇ ਤਤਕਾਲੀ ਮੁਖੀ ਮਾਰਸ਼ਲ ਦੀ ਪ੍ਰੇਰਨਾ ਨਾਲ ਈਸ਼ਵਰ ਚੰਦਰ ਵਿੱਦਿਆ ਸਾਗਰ ਨੇ ਵੀ ਇਸ ਦਾ ਅਨੁਵਾਦ ਕੀਤਾ ਸੀ। ਬਹੁਤ ਸਾਰੇ ਮੁਲਕਾਂ ਦੀਆਂ ਭਾਸ਼ਾਵਾਂ ਵਿੱਚ ਇਸ ਪ੍ਰਾਚੀਨ ਗ੍ਰੰਥ ਅਤੇ ਅਨੂਪਮ ਗ੍ਰੰਥ ਦਾ ਅਨੁਵਾਦ ਹੋ ਚੁੱਕਾ ਹੈ। ਪੰਜਾਬੀ ਵਿੱਚ ਵੀ ਇਸ ਦਾ ਅਨੁਵਾਦ ਮਿਲਦਾ ਹੈ। ਇਹ ਇੱਕ ਤਰ੍ਹਾਂ ਨਾਲ ਨੀਤੀ ਗ੍ਰੰਥ ਵੀ ਹੈ।


ਲੇਖਕ : ਦਰਸ਼ਨ ਸਿੰਘ ਆਸ਼ਟ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2369, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.